ਸ਼੍ਰੀ ਹਰਿਗੋਬਿੰਦ ਸਾਹਿਬ ਜੀ ਦਾ ਜਨਮ 



ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ 15 ਵਰ੍ਹੇ ਹੋ ਚੁੱਕੇ ਸਨ, ਪਰ ਉਹਨਾਂ ਦੇ ਘਰ ਔਲਾਦ ਕੋਈ ਨਹੀਂ ਸੀ। ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੂੰ ਗੁਰੂ ਜੀ ਆਪਣੇ ਪੁੱਤਰਾਂ ਵਾਂਗ ਪਾਲਦੇ ਸਨ। ਪ੍ਰਿਥੀ ਚੰਦ ਤੇ ਉਹਨਾਂ ਦੀ ਪਤਨੀ ਸਮਝਦੇ ਸਨ ਕਿ ਗੁਰੂ ਅਰਜਨ ਦੇਵ ਜੀ ਦੇ ਕੋਈ ਔਲਾਦ ਨਹੀਂ ਹੈ ਤਾਂ ਉਹਨਾਂ ਦੇ ਮਗਰੋਂ ਗੱਦੀ ਉਹਨਾਂ ਦੇ ਪੁੱਤਰ ਮਿਹਰਬਾਨ ਨੂੰ ਹੀ ਮਿਲੇਗੀ। 

ਇੱਕ ਦਿਨ ਪ੍ਰਿਥੀ ਚੰਦ ਦੀ ਵਹੁਟੀ ਨੇ ਮਾਤਾ ਗੰਗਾ ਜੀ ਨੂੰ ਮਿਹਣਾ ਮਾਰਿਆ- 'ਕੀ ਹੋਇਆ ਜੇ ਤੁਸੀਂ ਗੱਦੀ ਧੱਕੇ ਨਲ ਸੰਭਾਲ ਲਈ, ਇਹ ਆਉਣੀ ਤਾਂ ਅੰਤ ਨੂੰ ਸਾਡੇ ਘਰ ਹੀ ਹੈ ਨਾ?' ਇਹ ਗੱਲ ਸੁਣ ਕੇ ਮਾਤਾ ਗੰਗਾ ਜੀ ਬਹੁਤ ਦੁਖੀ ਹੋਏ।

ਉਹਨਾਂ ਨੇ ਇਹ ਗੱਲ ਗੁਰੂ ਅਰਜਨ ਦੇਵ ਜੀ ਨੂੰ ਦੱਸੀ ਅਤੇ ਬੇਨਤੀ ਕੀਤੀ ਕਿ ਆਪ ਜੀ ਹਰੇਕ ਦੀ ਇੱਛਾ ਪੂਰੀ ਕਰਦੇ ਹੋ ਅਤੇ ਲੋਕਾਂ ਨੂੰ ਮੂੰਹੋਂ ਮੰਗੀਆਂ ਮੁਰਾਦਾ ਦਿੰਦੇ ਹੋ। ਮੇਰੀ ਵੀ ਮੁਰਾਦ ਪੂਰੀ ਕਰੋ, ਮੈਨੂੰ ਪੁੱਤਰ ਦੀ ਦਾਤ ਬਖਸ਼ੋ। 

ਇਹ ਸੁਣ ਕੇ ਗੁਰੂ ਜੀ ਬੋਲੇ- 'ਗੁਰੂ ਨਾਨਕ ਦੇਵ ਜੀ ਦੇ ਘਰ ਕਿਸੇ ਗੱਲ ਦਾ ਘਾਟਾ ਨਹੀਂ ਹੈ।ਸੱਚੇ ਦਿਲੋਂ ਅਰਦਾਸ ਕੀਤੀ ਜਾਵੇ ਤਾਂ ਜ਼ਰੂਰ ਮਨ ਦੀ ਮੁਰਾਦ ਪੂਰੀ ਹੁੰਦੀ ਹੈ। ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਹਨ, ਉਹ ਦਾ ਵਚਨ ਖਾਲੀ ਨਹੀਂ ਜਾਂਦਾ। ਜੇਕਰ ਉਹ ਅਰਦਾਸ ਕਰਨਗੇ ਤਾਂ ਮੁਰਾਦ ਜ਼ਰੂਰ ਪੂਰੀ ਹੋਵੇਗੀ। ਉਹ ਬੀੜ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੂੰ ਪ੍ਰਸ਼ਾਦਾ ਇੱਥੋਂ ਲੰਗਰੋਂ ਜਾਂਦਾ ਹੈ। ਤੁਸੀਂ ਉਹਨਾਂ ਲਈ ਪ੍ਰਸ਼ਾਦਾ ਲੈ ਕੇ ਜਾਉ, ਉਹਨਾਂ ਦੀ ਖੁਸ਼ੀ ਪ੍ਰਾਪਤ ਕਰੋ ਅਤੇ ਉਹ ਖੁਸ਼ ਹੋ ਕੇ ਜ਼ਰੂਰ ਅਰਦਾਸ ਕਰਨਗੇ।'

ਮਾਤਾ ਗੰਗਾ ਜੀ ਨੇ ਚੰਗੇ-ਚੰਗੇ ਪਕਵਾਨ ਤਿਆਰ ਕਰਵਾ ਕੇ , ਦਾਸੀ ਨੂੰ ਨਾਲ ਲਿਆ ਅਤੇ ਰਥ ਵਿੱਚ ਬਹਿ ਕੇ ਬੀੜ ਵਿੱਚ ਪੁੱਜੇ। ਉਹਨਾਂ ਨੇ ਆ ਕੇ ਭੋਜਨ ਬਾਬਾ ਬੁੱਢਾ ਜੀ ਅੱਗੇ ਰੱਖਿਆ। ਬਾਬਾ ਜੀ ਨੇ ਪ੍ਰਸ਼ਾਦਾ ਤਾਂ ਛਕ ਲਿਆ ਪਰ ਖਾਸ ਪ੍ਰਸੰਨ ਨਾ ਹੋਏ। ਦਾਸੀ ਨੇ ਮਾਤਾ ਜੀ ਦੇ ਆਉਣ ਦਾ ਕਾਰਨ ਦੱਸਿਆ। ਅੱਗੋਂ ਬਾਬਾ ਜੀ ਬੋਲੇ 'ਮੈਂ ਤਾਂ ਗੁਰੂ ਘਰ ਦਾ ਸੇਵਕ ਹਾਂ, ਗੁਰੂ ਜੀ ਹੀ ਸਰਬ ਸਮੱਰਥ ਹਨ। ਸੋ ਉਹਨਾਂ ਅੱਗੇ ਹੀ ਬੇਨਤੀ ਕਰੋ।'

ਮਾਤਾ ਜੀ ਨਿਰਾਸ਼ ਹੋ ਕੇ ਮੁੜ ਆਏ। ਉਹਨਾਂ ਨੇ ਜਦ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਤਾਂ ਉਹ ਕਹਿਣ ਲੱਗੇ 'ਮਹਾਂਪੁਰਖਾਂ ਦੀ ਸੇਵਾ ਨੀਂਵੇ ਹੋ ਕੇ ਆਪਣੇ ਹੱਥੀਂ ਕਰੀਦੀ ਹੈ, ਤਾਂ ਹੀ ਫ਼ਲ ਮਿਲਦਾ ਹੈ। ਫ਼ਲ ਦੀ ਪ੍ਰਾਪਤੀ ਨਿਮਰਤਾ ਅਤੇ ਸੇਵਾ ਨਾਲ ਹੀ ਹੁੰਦੀ ਹੈ।

ਇਸ ਕਰਕੇ ਤੁਸੀਂ ਆਪ ਆਟਾ ਤੇ ਵੇਸਣ ਪੀਹੋ, ਮਿੱਸੇ ਪ੍ਰਸ਼ਾਦੇ ਆਪਣੇ ਹੱਥੀਂ ਤਿਆਰ ਕਰੋ, ਆਪ ਦੁੱਧ ਰਿੜਕ ਕੇ, ਲੱਸੀ, ਮੱਖਣ ਤਿਆਰ ਕਰੋ। ਫਿਰ ਮਿੱਸੀਆਂ ਰੋਟੀਆਂ, ਗੰਢੇ, ਦਹੀਂ ਲੱਸੀ ਮੱਖਣ ਆਪਣੇ ਸਿਰ ਉੱਤੇ ਚੁੱਕ ਕੇ ਪੈਦਲ ਤੁਰ ਕੇ ਬਾਬਾ ਜੀ ਕੋਲ ਜਾਓ ਅਤੇ ਉਹਨਾਂ ਨੂੰ ਇਹ ਪ੍ਰਸ਼ਾਦਾ ਛਕਾਉ। ਵੇਖਣਾ ਫਿਰ ਕਿਵੇਂ ਖੁਸ਼ ਹੋ ਕੇ ਰੱਬ ਅੱਗੇ ਅਰਦਾਸ ਕਰਦੇ ਹਨ।'

ਮਾਤਾ ਜੀ ਨੇ ਇਸੇ ਤਰ੍ਹਾਂ ਕੀਤਾ। ਆਪਣੇ ਹੱਥੀਂ ਆਟਾ, ਵੇਸਣ ਪੀਠਾ। ਹੱਥੀਂ ਮਿੱਸੀਆਂ ਰੋਟੀਆਂ ਪਕਾਈਆਂ। ਆਪ ਦੁੱਧ ਰਿੜਕ ਕੇ ਲੱਸੀ ਮੱਖਣ ਤਿਆਰ ਕੀਤਾ ਅਤੇ ਸਭ ਕੁਝ ਸਿਰ ਤੇ ਚੁੱਕ ਕੇ ਨੰਗੇ ਪੈਰੀਂ ਬਾਬਾ ਜੀ ਕੋਲ ਪਹੁੰਚੇ ਬਾਬਾ ਜੀ ਨੇ ਬਹੁਤ ਖੁਸ਼ ਹੋ ਕੇ ਪ੍ਰਸ਼ਾਦਾ ਛਕਿਆ। ਜਿਊਂ-ਜਿਉਂ ਉਹ ਪ੍ਰਸ਼ਾਦਾ ਛਕਣ ਅਤੇ ਗੰਢੇ ਭੰਨਣ, ਨਾਲ-ਨਾਲ ਆਖੀ ਜਾਣ ਆਪ ਦੇ ਘਰ ਪ੍ਰਮਾਤਮਾ ਅਜਿਹਾ ਸੂਰਮਾ ਪੁੱਤਰ ਭੇਜੇਗਾ, ਜਿਹਡਾ ਦੁਸ਼ਟਾਂ ਦੇ ਸਿਰ ਇਉਂ ਭੰਨੇਗਾ ਜਿਵੇਂ ਅਸੀਂ ਗੰਢੇ ਭੰਨ ਰਹੇ ਹਾਂ। 

ਮਾਤਾ ਜੀ ਬਹੁਤ ਖੁਸ਼ ਹੋ ਕੇ ਘਰ ਆਏ। ਅਕਾਲ ਪੁਰਖ ਦੀ ਮਿਹਰ ਨਾਲ ਬਾਬਾ ਬੁੱਢਾ ਜੀ ਦਾ ਵਚਨ ਪੂਰਾ ਹੋਇਆ, ਸਾਲ ਦੇ ਅੰਦਰ-ਅੰਦਰ ਹੀ ਮਾਤਾ ਗੰਗਾ ਜੀ ਦੇ ਘਰ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਨੇ ਜਨਮ ਲਿਆ।